Wednesday, December 2, 2020
Home > News > ਪੰਜਾਬ ਦੇ ਇਹਨਾਂ ਪਿੰਡਾਂ ਚ’ ਟਿੱਡੀ ਦਲ ਦਾ ਵੱਡਾ ਖਤਰਾ, ਖੇਤੀਬਾੜੀ ਵਿਭਾਗ ਨੇ ਕੀਤਾ ਪੂਰੀ ਤਿਆਰੀ ਦਾ ਦਾਅਵਾ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਇਹਨਾਂ ਪਿੰਡਾਂ ਚ’ ਟਿੱਡੀ ਦਲ ਦਾ ਵੱਡਾ ਖਤਰਾ, ਖੇਤੀਬਾੜੀ ਵਿਭਾਗ ਨੇ ਕੀਤਾ ਪੂਰੀ ਤਿਆਰੀ ਦਾ ਦਾਅਵਾ-ਦੇਖੋ ਪੂਰੀ ਖ਼ਬਰ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਾਲ ਖੇਤੀ ਲਈ ਵੀ ਸਮੱਸਿਆਵਾਂ ਵਧ ਰਹੀਆਂ ਹਨ। ਨਵੀਂ ਸਮੱਸਿਆ ਟਿੱਡੀ ਦਲ ਦੀ ਹੈ, ਜੋ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਦਾਖ਼ਲ ਹੋ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਿਹਾ ਹੈ। ਰਾਜਸਥਾਨ ਵਿੱਚ ਫ਼ਸਲਾਂ ਦਾ ਨੁਕਸਾਨ ਕਰਨ ਤੋਂ ਬਾਅਦ ਇਹ ਟਿੱਡੀ ਦਲ ਹਰਿਆਣਾ ਅਤੇ ਯੂਪੀ ਵਿੱਚ ਵੀ ਦਾਖਲ ਹੋ ਚੁੱਕਾ ਹੈ।

ਪੰਜਾਬ ਵਿੱਚ ਵੀ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਦਰਮਿਆਨ ਬਰਨਾਲਾ ਜ਼ਿਲੇ ਦੇ ਦੋ ਪਿੰਡਾਂ ਵਿੱਚ ਵੀ ਟਿੱਡੀ ਦਲ ਦੇ ਕੁੱਝ ਜੀਵ ਦਿਖਾਈ ਦਿੱਤੇ ਹਨ। ਜਿਸਨੇ ਇਲਾਕੇ ਦੇ ਕਿਸਾਨਾਂ ਲਈ ਪਰੇਸ਼ਾਨੀ ਖੜੀ ਕਰ ਦਿੱਤੀ ਹੈ। ਜ਼ਿਲਾ ਖੇਤੀਬਾੜੀ ਅਧਿਕਾਰੀ ਡਾ ਬਲਦੇਵ ਸਿੰਘ ਵਲੋਂ ਪਿੰਡ ਕਾਹਨੇਕੇ ਦੇ ਕਿਸਾਨ ਗੁਰਲਾਲ ਸਿੰਘ ਤੇ ਹਰਜੀਤ ਸਿੰਘ ਢਿੱਲੋਂ ਦੇ ਖੇਤਾਂ ਵਿੱਚ ਟਿੱਡੀ ਦਲ ਦੇ ਬਾਲਗ ਦੇਖੇ ਜਾਣ ’ਤੇ ਮੌਕੇ ’ਤੇ ਪੁੱਜੇ।

ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਬਾਲਗ 10 ਤੋਂ 15 ਸਨ, ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਕਿ ਇਹ ਦਲ ਨਾਲੋਂ ਅਲੱਗ ਹੋਏ ਕੁਝ ਬਾਲਗ ਸਨ, ਪਰ ਖਤਰੇ ਵਾਲੀ ਕੋਈ ਗੱਲ ਨਹੀਂ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਬਲਕਿ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।

ਜੇਕਰ ਜ਼ਿਲੇ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਵੀ ਹੈ ਤਾਂ ਇਸ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਇਸ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਇਸ ਲਈ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ, ਜਿਹੜੀਆਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲ ਕੇ ਉਨਾਂ ਨੂੰ ਸੰਭਾਵੀ ਹਮਲੇ ਨੂੰ ਰੋਕਣ ਲਈ ਤਿਆਰ ਹਨ।ਉਨਾਂ ਕਿਹਾ ਕਿ ਇਸ ਸਮੇਂ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿੱਚ ਕੁੱਲ 553 ਸਪਰੇਅ ਪੰਪ ਹਨ, ਜਿਨਾਂ ਨੂੰ ਪਾਣੀ ਨਾਲ ਭਰ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਟਿੱਡੀ ਦਲ ’ਤੇ ਛਿੜਕਾਅ ਕਰਨ ਲਈ ਕਲੋਰੋਪੈਰੀਵਾਸ ਦਵਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਫਾਇਰ ਬਿ੍ਰਗੇਡਜ਼ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ, ਜਿਹੜੀਆਂ ਤਿੰਨਾਂ ਬਲਾਕਾਂ ਵਿੱਚ ਤਾਇਨਾਤ ਹਨ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਤੋਂ ਹੀ ਤਿਆਰੀ ਰੱਖਣ। ਜਿਨਾਂ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਪੰਪ ਹਨ, ਉਨਾਂ ਨੂੰ ਪਾਣੀ ਨਾਲ ਭਰ ਕੇ ਰੱਖਣ ਅਤੇ ਖੇਤ ਵਿੱਚ ਮੋਟਰ ਵਾਲੀਆਂ ਡਿੱਗੀਆਂ ਨੂੰ ਵੀ ਪਾਣੀ ਨਾਲ ਭਰ ਕੇ ਰੱਖਣ । ਇਸ ਤੋਂ ਇਲਾਵਾ ਜੇਕਰ ਟਿੱਡੀ ਦਲ ਹਮਲਾ ਕਰਦਾ ਹੈ ਤਾਂ ਪੀਪੇ ਖੜਕਾ ਕੇ ਜਾਂ ਫਿਰ ਪਟਾਖਿਆਂ ਨਾਲ ਫਸਲ ’ਤੇ ਨਾ ਬੈਠਣ ਦਿੱਤਾ ਜਾਵੇ। ਉਨਾਂ ਅਪੀਲ ਕੀਤੀ ਕਿ ਜੇਕਰ ਕੋਈ ਕਿਸਾਨ ਟਿੱਡੀ ਦਲ ਦੇਖਦਾ ਹੈ ਤਾਂ ਖੇਤੀਬਾੜੀ ਵਿਭਾਗ, ਬਰਨਾਲਾ ਵੱਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ ’ਤੇ ਅੰਮਿ੍ਰਤਪਾਲ ਸਿੰਘ ਏਡੀਓ ਨਾਲ 76965-95100 ਅਤੇ ਦਿਲਦਾਰ ਸਿੰਘ ਏਐਸਆਈ ਨਾਲ 94176-76133 ’ਤੇ ਸੰਪਰਕ ਕੀਤਾ ਜਾਵੇ।

Leave a Reply

Your email address will not be published. Required fields are marked *