Friday, December 4, 2020
Home > News > 125 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ ਇਸ ਬਾਬੇ ਦੇ ਫਾਰਮ ਦਾ ਦੁੱਧ,ਕਾਰਨ ਜਾਣ ਕੇ ਤੁਸੀਂ ਵੀ ਹੋਵੋਂਗੇ ਹੈਰਾਨ-ਦੇਖੋ ਵੀਡੀਓ

125 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ ਇਸ ਬਾਬੇ ਦੇ ਫਾਰਮ ਦਾ ਦੁੱਧ,ਕਾਰਨ ਜਾਣ ਕੇ ਤੁਸੀਂ ਵੀ ਹੋਵੋਂਗੇ ਹੈਰਾਨ-ਦੇਖੋ ਵੀਡੀਓ

ਸੁਖਚੈਨ ਸਿੰਘ ਗਿੱਲ ਜੋ ਕਿ ਇਕ ਓਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਹਨ ਜਿਹਨਾਂ ਨੇ ਹਰ ਸਬਜ਼ੀ ਅਤੇ ਹਰ ਫ਼ਸਲ ਓਰਗੈਨਿਕ ਤਰੀਕੇ ਨਾਲ ਉਗਾਈ ਹੈ। ਰੋਜ਼ਾਨਾ ਸਪੋਕਸਮੈਨ ਟੀਮ ਵੱਲੋਂ ਹੰਸਾਲੀ ਓਰਗੈਨਿਕ ਫਾਰਮ ਵਿਚ ਪਹੁੰਚ ਕੇ ਉੱਥੋਂ ਦੇ ਕਿਸਾਨ ਸੁਖਚੈਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ ਉਹਨਾਂ ਨੇ ਅਪਣੇ ਕਿਸਾਨੀ ਜੀਵਨ ਨੂੰ ਲੈ ਕੇ ਤਰਜ਼ਬੇ ਸਾਂਝੇ ਕੀਤੇ।

ਉਹਨਾਂ ਦੀ ਉਮਰ 80 ਤੋਂ ਵੀ ਵਧ ਹੈ ਪਰ ਉਹਨਾਂ ਦਾ ਤਜ਼ੁਰਬਾ ਉਹਨਾਂ ਦੀ ਜ਼ਿੰਦਗੀ ਨਾਲੋਂ ਵੀ ਕਿਤੇ ਜ਼ਿਆਦਾ ਹੈ। ਉਹਨਾਂ ਨੇ ਕਿਹਾ ਕਿ ਜ਼ਿੰਦਗੀ ਵਿਚ ਹਮੇਸ਼ਾ ਸਾਦੇ ਬਣ ਕੇ ਰਹਿਣਾ ਚਾਹੀਦਾ ਹੈ ਕਿਉਂ ਕਿ ਸਾਦਾਪਣ ਹੀ ਤੁਹਾਨੂੰ ਬਹੁਤ ਉਤਸ਼ਾਹ ਦਿੰਦਾ ਹੈ। ਅਪਣਿਆਂ ਖਰਚਿਆਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਤੇ ਮਿਹਨਤ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। 2007 ਵਿਚ ਉਹਨਾਂ ਨੇ ਫਸਲ ਦੀ ਸ਼ੁਰੂਆਤ ਬੈਂਗਣਾਂ ਦੀ ਸਬਜ਼ੀ ਤੋਂ ਕੀਤੀ ਸੀ।

ਉਹਨਾਂ ਨੇ ਜਦੋਂ ਬੈਂਗਣਾਂ ਦੀ ਸਬਜ਼ੀ ਬੀਜੀ ਤਾਂ ਉਸ ਨੂੰ ਸੁੰਢੀ ਪੈ ਗਈ ਫਿਰ ਉਹ ਸਰਹੰਦ ਗਏ ਤੇ ਉਸ ਸਮੇਂ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਨਹੀਂ ਸੀ ਕਿ ਓਰਗੈਨਿਕ ਫ਼ਸਲ ਉਗਾਈ ਜਾਵੇ। ਫਿਰ ਉਹਨਾਂ ਨੇ ਦਵਾਈ ਲਿਆ ਕੇ ਉਸ ਦਾ ਬੈਂਗਣਾਂ ਤੇ ਛਿੜਕਾਅ ਕੀਤਾ ਪਰ ਇਸ ਨਾਲ ਵੀ ਕੋਈ ਫਰਕ ਨਹੀਂ ਪਿਆ। ਫਿਰ ਉਹਨਾਂ ਨੇ ਦੁਕਾਨਦਾਰ ਨੂੰ ਪੁੱਛਿਆ ਕਿ ਉਸ ਦਵਾਈ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੇ ਕਿਹਾ ਕਿ ਇਸ ਦਵਾਈ ਦੀ ਵਰਤੋਂ ਹਰ ਤੀਜੇ ਦਿਨ ਬਾਅਦ ਫਿਰ ਕਰਨੀ ਹੈ।ਫਿਰ ਉਹਨਾਂ ਨੇ ਘਰ ਆ ਕੇ ਸਬਜ਼ੀ ਹੀ ਪੁੱਟ ਕੇ ਸੁੱਟ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਓਰਗੈਨਿਕ ਫਸਲ ਉਗਾਈ ਜਾਵੇ ਤੇ ਉਹ ਵੀ ਕੁੱਝ ਵਖਰੇ ਢੰਗ ਦੀ।

ਉਹਨਾਂ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਤੇ ਉਹਨਾਂ ਨੂੰ ਗੋਬਰ ਗੈਸ ਦੀ ਲੋੜ ਪਈ। ਫਿਰ ਉਹ ਮੁੱਲ ਲਿਆ ਕੇ ਸਬਜ਼ੀਆਂ ਨੂੰ ਗੋਬਰ ਗੈਸ ਪਾਉਣ ਲੱਗ ਪਏ। ਇਕ ਟਰਾਲੀ ਗੋਬਰ ਗੈਸ ਦਾ ਮੁੱਲ 700 ਰੁਪਏ ਸੀ। ਇਹ ਕੰਮ ਉਹਨਾਂ ਨੂੰ ਮਹਿੰਗਾ ਪੈਣ ਲੱਗ ਪਿਆ ਫਿਰ ਉਹਨਾਂ ਨੇ ਦੋ ਗਾਵਾਂ ਨਾਲ ਡੇਅਰੀ ਸ਼ੁਰੂ ਕੀਤੀ।ਉਹਨਾਂ ਅੱਗੇ ਦਸਿਆ ਕਿ ਜੇ ਉਹ ਡੇਅਰੀ ਸ਼ੁਰੂ ਨਾ ਕਰਦੇ ਤਾਂ ਸ਼ਾਇਦ ਉਹ ਓਰਗੈਨਿਕ ਖੇਤੀ ਨਾ ਕਰ ਪਾਉਂਦੇ। ਸਰਕਾਰ ਕੈਮੀਕਲ ਖਾਦਾਂ ਦੀ ਵਰਤੋਂ ਕਰ ਕੇ ਵੱਡੀ ਮਾਤਰਾ ਵਿਚ ਸਬਸਿਡੀ ਲੈਂਦੀ ਹੈ ਪਰ ਉਹ ਰੂੜੀਆਂ ਅਤੇ ਗੋਬਰ ਗੈਸ ਦੀ ਵਰਤੋਂ ਕਰਦੇ ਹਨ ਇਸ ਲਈ ਉਹਨਾਂ ਨੂੰ ਸਬਸਿਡੀ ਨਹੀਂ ਮਿਲਦੀ। ਪਰ ਉਹਨਾਂ ਨੇ ਇਸ ਦਾ ਲਾਲਚ ਵੀ ਨਹੀਂ ਕੀਤਾ ਸਗੋਂ ਅਪਣੇ ਕੰਮ ਨੂੰ ਹੋਰ ਵਧਾਇਆ।

ਇੱਥੋਂ ਦੇ ਫਾਰਮ ਦਾ ਦੁੱਧ 125 ਰੁਪਏ ਕਿਲੋ ਵਿਕਦਾ ਹੈ, ਇਸ ਦੀ ਖਾਸੀਅਤ ਇਹ ਹੈ ਕਿ ਇਹ ਦੁੱਧ ਬਿਲਕੁੱਲ ਓਰਗੈਨਿਕ ਹੈ ਤੇ ਇਸ ਦਾ ਖਰਚ ਵੀ ਕਾਫੀ ਆ ਜਾਂਦਾ ਹੈ। ਇਸ ਦੀ ਡਿਲਵਰੀ ਕਰਨ ਲਈ ਕੁੱਝ ਲੜਕੇ ਰੱਖੇ ਹੋਏ ਹਨ ਜੋ ਕਿ ਮਹੀਨੇ ਦੇ ਹਿਸਾਬ ਨਾਲ ਅਪਣੀ ਤਨਖਾਹ ਲੈਂਦੇ ਹਨ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਇੱਥੇ 2010 ਵਿਚ ਉਹਨਾਂ ਕੋਲ ਪ੍ਰਿੰਸ ਚਾਰਲਸ ਵੀ ਆਏ ਸਨ। ਉਹਨਾਂ ਨੇ ਦਿੱਲੀ ਕਾਮਨ ਵੈਲਥ ਗੇਮਜ਼ ਦਾ ਉਦਘਾਟਨ ਕਰਨਾ ਸੀ।ਉਹਨਾਂ ਦੀ ਓਰਗੈਨਿਕ ਵਿਚ ਬਹੁਤ ਦਿਲਚਸਪੀ ਹੈ। ਉਸ ਨੇ ਇੱਛਾ ਜ਼ਾਹਰ ਕੀਤੀ ਕਿ ਪੰਜਾਬ ਵਿਚ ਜੇ ਕੋਈ ਓਰਗੈਨਿਕ ਖੇਤੀ ਕਰਦਾ ਹੈ ਤਾਂ ਉਹ ਉਹਨਾਂ ਦੇ ਖੇਤ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਜ਼ਿੰਮੀਦਾਰਾਂ ਦੀ ਸੂਚੀ ਦੇ ਦਿੱਤੀ। ਉਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਇਕ ਜ਼ਿੰਮੀਦਾਰ ਨੂੰ ਚੁਣਿਆ ਕਿ ਉਸ ਦਾ ਖੇਤ ਦਿਖਾਇਆ ਜਾਵੇ ਤਾਂ ਉਸ ਵਿਚ ਸੁਖਚੈਨ ਸਿੰਘ ਗਿੱਲ ਦਾ ਨਾਮ ਸ਼ਾਮਲ ਸੀ।

ਉਸ ਸਮੇਂ ਸੁਖਚੈਨ ਸਿੰਘ ਦੇ ਬੇਟੇ ਦੀ ਹਾਲਤ ਬਹੁਤ ਗੰਭੀਰ ਸੀ ਤੇ ਉਹ ਚੰਡੀਗੜ੍ਹ ਪੀਜੀਆਈ ਵਿਚ ਸਨ। ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਕਾਫੀ ਫੋਨ ਗਏ ਕਿ ਉਹਨਾਂ ਦੇ ਖੇਤ ਦੇਖਣ ਲਈ ਪਿੰਸ ਚਾਰਲਸ ਨੇ ਆਉਣਾ ਹੈ ਤੇ ਉਹ ਖੇਤਾਂ ਵਿਚ ਆਉਣ ਪਰ ਬੇਟੇ ਦੀ ਹਾਲਤ ਠੀਕ ਨਾ ਹੋਣ ਕਰ ਕੇ ਉਹ ਨਹੀਂ ਪਹੁੰਚ ਸਕੇ। ਫਿਰ ਜਦੋਂ ਆਏ ਤਾਂ ਉਸ ਸਮੇਂ ਸੁਖਚੈਨ ਸਿੰਘ ਵੀ ਉੱਥੇ ਪਹੁੰਚ ਗਏ ਸਨ ਤੇ ਉਹਨਾਂ ਨੇ 2 ਘੰਟੇ ਇਕੱਠਿਆਂ ਨੇ ਬਿਤਾਏ ਸਨ।

ਉਹਨਾਂ ਨੇ ਗੱਲ ਨੂੰ ਅੱਗੇ ਵਧਾਉਂਦੇ ਕਿਹਾ ਕਿ ਪਹਿਲਾਂ ਲੋਕ ਸ਼ੁੱਧ ਸਬਜ਼ੀਆਂ ਖਾਂਦੇ ਸਨ ਤੇ ਉਹ ਅਪਣੀ ਜ਼ਿੰਦਗੀ ਤੋਂ ਸੰਤੁਸ਼ਟ ਸਨ ਪਰ ਅੱਜ ਦੇ ਸਮੇਂ ਵਿਚ ਚੀਜ਼ਾਂ ਦੀ ਪੈਦਾਵਾਰ ਬਹੁਤ ਹੁੰਦੀ ਹੈ ਪਰ ਉਸ ਵਿਚ ਮਿਠਾਸ ਤੇ ਤਾਕਤ ਨਹੀਂ ਬਚੀ। ਜਿਸ ਕਾਰਨ ਲੋਕ ਡਿਪਰੈਸ਼ਨ ਤੇ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।ਉਹਨਾਂ ਨੇ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਾ ਸਹੀ ਪਰ ਥੋੜੇ ਜਿਹੇ ਕੈਮੀਕਲ ਤੋਂ ਬਚ ਕੇ ਓਰਗੈਨਿਕ ਢੰਗ ਨਾਲ ਖੇਤੀ ਕਰਨ ਲੱਗ ਜਾਣ ਜਿਸ ਕਾਰਨ ਉਹਨਾਂ ਨੂੰ ਸੰਤੁਸ਼ਟੀ ਵੀ ਮਿਲੇਗੀ ਤੇ ਲਾਭ ਵੀ ਹੋਵੇਗਾ।

Leave a Reply

Your email address will not be published. Required fields are marked *